ਬਾਬਾ ਦੀਪ ਸਿੰਘ ਜੀ ਸਿੱਖ ਇਤਿਹਾਸ ਦੇ ਪਰਮ ਸਤਿਕਾਰਯੋਗ ਸ਼ਹੀਦਾਂ ਵਿਚੋਂ ਇਕ ਹਨ। ਆਪਣਾ ਪੂਰਾ ਜੀਵਨ ਉਨ੍ਹਾਂ ਨੇ ਖਾਲਸਾ ਦੀ ਸੰਤ ਸਿਪਾਹੀ ਭਾਵਨਾ ਨੂੰ ਉਜਾਗਰ ਕੀਤਾ। ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਅਤੇ ਫੇਰ ਬਾਬਾ ਬੰਦਾ ਸਿੰਘ ਬਹਾਦਰ ਨਾਲ ਮਿਲ ਕੇ ਮੁਗਲਾਂ ਖਿਲਾਫ਼ ਅਨੇਕਾਂ ਯੁੱਧ ਲੜੇ। ਜਦੋਂ ਅਹਿਮਦ ਸ਼ਾਹ ਅਬਦਾਲੀ ਹਿੰਦੁਸਤਾਨ ਤੋਂ ਸੈਂਕੜਿਆਂ ਆਦਮੀਆਂ ਅਤੇ ਇਸਤਰੀਆਂ ਨੂੰ ਬੰਦੀ ਬਣਾ ਕੇ ਕਾਬੁਲ ਜਾ ਰਿਹਾ ਸੀ ਉਦੋਂ ਬਾਬਾ ਦੀਪ ਸਿੰਘ ਜੀ ਨੇ ਅਫਗਾਨੀ ਫੌਜ ਤੇ ਬੜੇ ਹੌਸਲੇ ਨਾਲ ਹਮਲੇ ਕਰਦਿਆਂ ਸਾਰੇ ਬੰਦੀਆਂ ਨੂੰ ਮੁਕਤ ਕਰਵਾਇਆ। ਅੰਤ 75 ਸਾਲ ਦੀ ਉਮਰ ਵਿਚ ਸਿੱਖਾਂ ਦੇ ਸਭ ਤੋਂ ਪਵਿੱਤਰ ਤੀਰਥ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਅਫਗਾਨਾਂ ਤੋਂ ਮੁਕਤ ਕਰਵਾ ਕੇ ਸਿੱਖਾਂ ਨੂੰ ਸੌਂਪਣ ਲਈ ਕੀਤੇ ਗਏ ਯੁੱਧ ਵਿਚ ਉਨ੍ਹਾਂ ਨੇ ਆਪਣਾ ਜੀਵਨ ਕੁਰਬਾਨ ਕਰ ਦਿੱਤਾ।
ਬਾਬਾ ਜੀ ਸਿੱਖ ਧਰਮ ਸ਼ਾਸਤਰ ਦੇ ਵਿਦਵਾਨ ਹੋਣ ਦੇ ਨਾਲ—ਨਾਲ ਗੁਰਮੁਖੀ, ਸੰਸਕ੍ਰਿਤ, ਫ਼ਾਰਸੀ, ਅਰਬੀ ਅਤੇ ਹੋਰ ਕਈ ਭਾਸ਼ਾਵਾਂ ਦੇ ਗਿਆਤਾ ਵੀ ਸਨ। ਜਦੋਂ ਦਮਦਮਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੋਂ ਪੋਥੀ ਸਾਹਿਬ (ਹੁਣ ਗੁਰੂ ਗ੍ਰੰਥ ਸਾਹਿਬ) ਲਿਖਵਾਏ ਉਦੋਂ ਬਾਬਾ ਜੀ ਨੇ ਭਾਈ ਮਨੀ ਸਿੰਘ ਦੀ ਸਹਾਇਤਾ ਕੀਤੀ। ਗੁਰਬਾਣੀ ਅਤੇ ਸਿੱਖ ਫ਼ਲਸਫ਼ੇ ਦੇ ਪ੍ਰਚਾਰ ਲਈ ਬਾਬਾ ਦੀਪ ਸਿੰਘ ਜੀ ਨੇ ਤਿੰਨ ਟਕਸਾਲਾਂ ਵੀ ਸ਼ੁਰੂ ਕੀਤੀਆਂ। ਅੱਜ ਵੀ ਇਹ ਟਕਸਾਲਾਂ ਨਿਰੰਤਰ ਅਮੁੱਲ ਸੇਵਾ ਦਾ ਯੋਗਦਾਨ ਪਾ ਰਹੀਆਂ ਹਨ।




